ਅਮ੍ਰਿਤਸਰ


ਸ਼੍ਰੀ ਗੁਰੂ ਅਮਰਦਾਸ ਜੀ ਦੀ ਆਗ੍ਯਾ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਮਤ ੧੬੨੧ ਵਿੱਚ ਤੁੰਗ ਗੁਮਟਾਲਾ ਸੁਲਤਾਨਵਿੰਡ ਪਿਡਾਂ ਪਾਸ ਪਹਿਲਾਂ ਇੱਕ ਤਾਲ ਖੁਦਵਾਇਆ, ਜੋ ਸ਼੍ਰੀ ਗੁਰੂ ਅਰਜਨ ਦੇਵ ਨੇ ਸੰਮਤ ੧੬੪੫ ਵਿੱਚ ਪੂਰਾ ਕੀਤਾ ਅਤੇ ਨਾਉਂ ਸੰਤੋਖਸਰ ਰੱਖਿਆ.#ਫੇਰ ਸੰਮਤ ੧੬੩੧ ਵਿੱਚ ਤੀਜੇ ਸਤਿਗੁਰੂ ਜੀ ਦੀ ਆਗ੍ਯਾ ਨਾਲ ਇੱਕ ਪਿੰਡ ਬੰਨ੍ਹਿਆ, ਜਿਸ ਦਾ ਨਾਉਂ "ਗੁਰੂ ਕਾ ਚੱਕ" ਥਾਪਿਆ ਅਤੇ ਆਪਣੇ ਰਹਿਣ ਲਈ ਮਕਾਨ ਬਣਵਾਏ, ਜੋ ਗੁਰੂ ਕੇ ਮਹਿਲ ਨਾਉਂ ਤੋਂ ਪ੍ਰਸਿੱਧ ਹਨ, ਅਤੇ ਉਸ ਦੇ ਚੜ੍ਹਦੇ ਪਾਸੇ ਦੁਖਭੰਜਨੀ ਬੇਰੀ ਪਾਸ ਸੰਮਤ ੧੬੩੪ ਵਿੱਚ ਤਾਲ ਖੁਦਵਾਇਆ, ਜੋ ਉਸਸਮੇਂ ਅਧੂਰਾ ਹੀ ਰਿਹਾ.¹#ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੱਦੀ ਤੇ ਬੈਠਕੇ ਪਿਤਾ ਗੁਰੂ ਜੀ ਦੇ ਗ੍ਰਾਮ ਅਤੇ ਤਾਲ ਦੀ ਸੇਵਾ ਵਡੇ ਪ੍ਰੇਮ ਨਾਲ ਆਰੰਭੀ. ਚਾਰੇ ਪਾਸਿਓਂ ਵਪਾਰੀ ਅਤੇ ਸਭ ਤਰ੍ਹਾਂ ਦੇ ਕਿਰਤੀ ਬੁਲਾਕੇ ਵਸਾਏ ਅਤੇ ਨਾਉਂ "ਰਾਮਦਾਸਪੁਰ" ਰੱਖਿਆ. ਇਸ ਪਵਿੱਤ੍ਰ ਨਗਰ ਦੀ ਆਬਾਦੀ ਵਿੱਚ ਭਾਈ ਸਾਲੋ ਦੀ ਸੇਵਾ ਬਹੁਤ ਸ਼ਲਾਘਾ ਯੋਗ ਹੈ.#ਸੰਮਤ ੧੬੪੩ ਵਿੱਚ ਸਰੋਵਰ ਨੂੰ ਪੱਕਾ ਕਰਨਾ ਆਰੰਭਿਆ ਅਤੇ ਨਾਉਂ ਅਮ੍ਰਿਤਸਰ² ਰੱਖਿਆ, ਜਿਸ ਤੋਂ ਸਨੇ ਸਨੇ ਨਗਰ ਦਾ ਨਾਉਂ ਭੀ ਇਹੀ ਹੋ ਗਿਆ. ੧. ਮਾਘ ਸੰਮਤ ੧੬੪੫ ਨੂੰ ਪੰਜਵੇਂ ਸਤਿਗੁਰੂ ਨੇ ਤਾਲ ਦੇ ਮੱਧ ਹਰਮਿੰਦਿਰ ਦੀ ਨਿਉਂ ਰੱਖੀ ਅਤੇ ਉਸ ਦੀ ਇਮਾਰਤ ਪੂਰੀ ਕਰਕੇ ਸੰਮਤ ੧੬੬੧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸਥਾਪਨ ਕੀਤੇ.#ਅਮ੍ਰਿਤਸਰ ਜੀ ਵਿੱਚ ਸ਼੍ਰੀ ਹਰਿਮੰਦਿਰ ਸਭ ਗੁਰੁਦ੍ਵਾਰਿਆਂ ਵਿੱਚੋਂ ਸ਼ਿਰੋਮਣਿ ਗੁਰੁਧਾਮ ਹੈ³ ਜਿਸ ਥਾਂ ਅਖੰਡ ਕੀਰਤਨ ਹੁੰਦਾ ਹੈ. ਇਥੇ ਵੈਸਾਖੀ ਦਾ ਮੇਲਾ ਪੰਚਮ ਪਾਤਸ਼ਾਹ ਜੀ ਨੇ ਅਤੇ ਦੀਪਮਾਲਾ ਦਾ ਮੇਲਾ ਬਾਬਾ ਬੁੱਢਾ ਜੀ ਨੇ ਛੀਵੇਂ ਸਤਿਗੁਰੂ ਜੀ ਦੇ ਗਵਾਲਿਯਰ ਤੋਂ ਵਾਪਿਸ ਆਉਣ ਤੇ ਆਰੰਭ ਕੀਤਾ.#ਫੱਗੁਣ ਸੰਮਤ ੧੮੧੮ ਵਿੱਚ ਅਹਿਮਦ ਸ਼ਾਹ ਦੁੱਰਾਨੀ ਨੇ ਹਰਿਮੰਦਿਰ ਨੂੰ ਬਾਰੂਦ ਨਾਲ ਉਡਵਾਕੇ ਤਾਲ ਭਰਵਾ ਦਿੱਤਾ, ਫੇਰ ਖਾਲਸੇ ਨੇ ੧੧. ਵੈਸਾਖ ਸੰਮਤ ੧੮੨੧ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਹੱਥੋਂ ਨਿਉਂ ਰਖਵਾਈ, ਅਤੇ ਭਾਈ ਦੇਸ ਰਾਜ ਦੀ ਮਾਰਫਤ ਕੁਝ ਵਰ੍ਹਿਆਂ ਵਿੱਚ ਪਹਿਲੇ ਤੁੱਲ ਹੀ ਹਰਿਮੰਦਿਰ ਬਣਾ ਦਿੱਤਾ.#ਅਮ੍ਰਿਤ ਸਰੋਵਰ ਵਿੱਚ ਜਲ ਇੱਕ ਹਸਲੀ ਦੇ ਰਾਹੋਂ ਆਉਂਦਾ ਹੈ, ਜੋ ਸੰਤ ਪ੍ਰੀਤਮਦਾਸ ਅਤੇ ਸੰਤੋਖ ਦਾਸ ਪ੍ਰੇਮੀ ਉਦਾਸੀਆਂ ਨੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਨਾਲ ਸੰਮਤ ੧੮੩੮ ਵਿੱਚ ਖੁਦਵਾਈ. ਪਹਿਲਾਂ ਤਾਂ ਜਲ ਰਾਵੀ ਨਦੀ ਤੋਂ ਲਿਆਂਦਾ ਗਿਆ ਸੀ, ਪਰ ਹੁਣ ਸੰਮਤ ੧੯੨੩ ਤੋਂ ਲੈਕੇ ਬਾਰੀ ਦੁਆਬ ਵਾਲੀ ਨਹਿਰ ਵਿੱਚੋਂ ਲਿਆਕੇ ਹਸਲੀ ਵਿੱਚ ਪਾਇਆ ਜਾਂਦਾ ਹੈ.#ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੫੯ ਵਿੱਚ ਇਸ ਪਵਿਤ੍ਰ ਸ਼ਹਿਰ ਤੇ ਕਬਜਾ ਕੀਤਾ ਅਤੇ ਸੰਗਮਰਮਰ ਅਤੇ ਸੋਨੇ ਨਾਲ ਹਰਿਮੰਦਿਰ ਨੂੰ ਭੂਸਿਤ ਕੀਤਾ.#ਮਹਾਰਾਜਾ ਸਾਹਿਬ ਨੇ ਗੁਰੂ ਰਾਮਦਾਸ ਜੀ ਦੇ ਨਾਉਂ ਤੇ "ਰਾਮਬਾਗ" ਅਤੇ ਕਲਗੀਧਰ ਦੇ ਨਾਉਂ ਤੇ ਗੋਬਿੰਦਗੜ੍ਹ ਕਿਲਾ ਸਨ ੧੮੦੫- ੯ ਵਿੱਚ ਤਿਆਰ ਕਰਵਾਇਆ. ਖ਼ਾਲਸਾ ਕਾਲਿਜ ਪੰਥ ਨੇ ਸਨ ੧੮੯੨ ਵਿੱਚ ਬਣਾਇਆ, ਜੋ ਲਹੌਰ ਦੀ ਸੜਕਪੁਰ ਹੈ.⁴#ਇਹ ਪਵਿੱਤ੍ਰ ਸ਼ਹਿਰ ਲਹੌਰ ਤੋਂ ੩੩ ਮੀਲ ਪੂਰਵ ਹੈ. ਕਲਕੱਤੇ ਤੋਂ ੧੨੩੨ ਮੀਲ, ਬੰਬਈ ਤੋਂ ੧੨੬੦ ਅਤੇ ਕਰਾਚੀ ਤੋਂ ੮੧੬ ਮੀਲ ਹੈ.#ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ਸ਼ਹਿਰ ਅਮ੍ਰਿਤਸਰ ਦੀ ਆਬਾਦੀ ੧੬੦੨੧੮ ਹੈ, ਜਿਸ ਵਿੱਚੋਂ ਹਿੰਦੂ ੬੫੩੧੩, ਮੁਸਲਮਾਨ ੭੧੧੮੦, ਸਿੱਖ ੨੧੪੭੪, ਈਸਾਈ ੧੪੪੬, ਬੌੱਧ ੫, ਜੈਨੀ ੭੩੮ ਅਤੇ ਪਾਰਸੀ ੫੪ ਹਨ.#ਇਸ ਗੁਰੂ ਕੀ ਨਗਰੀ ਵਿੱਚ ਚਾਰ ਹੋਰ ਪਵਿਤ੍ਰ ਤਾਲ ਹਨ:-#(ੳ) ਸੰਤੋਖ ਸਰ, ਜੋ ਪੇਸ਼ਾਵਰੀ ਸੰਤੋਖੇ ਸਿੱਖ ਦੇ ਧਨ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ ੧੬੪੫ ਵਿੱਚ ਬਣਵਾਇਆ. ਇੱਥੇ ਕੱਚਾ ਤਾਲ, ਜਿਸ ਦੀ ਥੋੜੀ ਹੀ ਖੁਦਾਈ ਹੋਈ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਤਿਆਰ ਕਰਵਾਇਆ ਸੀ. ਦੇਖੋ, ਗੁਰੁ ਪ੍ਰਤਾਪ ਸੂਰਯ ਰਾਸਿ ੨, ਅਃ ੧੨. ਅਤੇ ੧੩.#(ਅ) ਕੌਲਸਰ. ਜੋ ਕੌਲਾਂ ਕਰਕੇ ਪੂਰਿਤ ਢਾਬ ਦੇ ਥਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕੌਲਾਂ (ਕਮਲਾ) ਦੇ ਨਾਉਂ ਤੋਂ ਸੰਮਤ ੧੬੮੪ ਵਿੱਚ ਤਿਆਰ ਕਰਵਾਇਆ.#(ੲ) ਬਿਬੇਕਸਰ. ਛੀਵੇਂ ਸਤਿਗੁਰੂ ਜੀ ਨੇ ਵਿਵੇਕੀ ਬਿਹੰਗਮਾਂ ਦੇ ਨਿਵਾਸ ਲਈ ਸ਼ਹਿਰੋਂ ਕਿਨਾਰੇ ਸੰਮਤ ੧੬੮੫ ਵਿੱਚ ਤਿਆਰ ਕਰਵਾਇਆ.#(ਸ) ਰਾਮਸਰ. ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ ੧੬੫੯- ੬੦ ਵਿੱਚ ਬਣਵਾਇਆ. ਇਸ ਦੇ ਕਿਨਾਰੇ ਬੈਠਕੇ ਸਤਿਗੁਰੂ ਜੀ ਨੇ ਸੁਖਮਨੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਹੈ.#ਸ਼੍ਰੀ ਅੰਮ੍ਰਿਤਸਰ ਜੀ ਵਿੱਚ ਹੋਰ ਇਹ ਗੁਰੁਦ੍ਵਾਰੇ ਅਤੇ ਪਵਿੱਤ੍ਰ ਅਸਥਾਨ ਹਨ:-#(੧) ਅਕਾਲਤਖ਼ਤ. ਦੇਖੋ, ਅਕਾਲ ਬੁੰਗਾ.#(੨) ਅਟਲ ਰਾਇ ਜੀ ਦਾ ਦੇਹਰਾ, ਜੋ ਕੌਲਸਰ ਦੇ ਕਿਨਾਰੇ ਹੈ. ਇਸ ਦੇ ਨਾਲ ੯੧ ਦੁਕਾਨਾਂ ੪੨ ਕਨਾਲ ਜ਼ਮੀਨ ਸੁਲਤਾਨਵਿੰਡ ਪਿੰਡ ਵਿੱਚ ਅਤੇ ੫੮ ਘੁਮਾਉਂ ਰੱਖ ਸ਼ਿਕਾਰਗਾਹ ਤਸੀਲ ਅਮ੍ਰਿਤਸਰ ਵਿੱਚ ਹੈ. ਦੇਖੋ, ਅਟਲ ਰਾਇ ਜੀ.#(੩) ਅਠਸਠ ਤੀਰਥ. ਦੇਖੋ, ਅਠਸਠਿ ਤੀਰਥ.#(੪) ਸਾਲੋ ਭਾਈ ਦੀ ਧਰਮਸਾਲਾ. ਸ਼ਹਿਰ ਵਿੱਚ ਗੁਰੂ ਕੇ ਬਾਜ਼ਾਰ ਪਾਸ ਭਾਈ ਸਾਲੋ ਜੀ ਦਾ ਟੋਭਾ ਪ੍ਰਸਿੱਧ ਹੈ. ਇਥੇ ਭਾਈ ਸਾਹਿਬ ਦੀ ਪ੍ਰਾਚੀਨ ਧਰਮਸਾਲ ਹੈ. ਜਿਸ ਥਾਂ ਅਨੇਕ ਵਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਿਰਾਜਕੇ ਸੰਗਤਿ ਨੂੰ ਨਿਹਾਲ ਕੀਤਾ. ਦੇਖੋ, ਸਾਲੋ.#(੫) ਹਰਿ ਕੀ ਪਉੜੀ. ਇਹ ਹਰਿਮੰਦਿਰ ਸਾਹਿਬ ਦੇ ਪਿਛਲੇ ਪਾਸੇ ਪਉੜੀਆਂ ਵਾਲੇ ਘਾਟ ਦਾ ਨਾਉਂ ਹੈ. ਹਰਿਮੰਦਿਰ ਤਿਆਰ ਹੋਣ ਸਮੇਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੋਂ ਅਮ੍ਰਿਤ ਲੀਤਾ ਅਤੇ ਸਰੋਵਰ ਦੀ ਕਾਰ ਹੋਣ ਸਮੇਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਵਿਤ੍ਰ ਕਰ ਕਮਲਾਂ ਨਾਲ ਇਥੋਂ ਹੀ ਕਾਰ ਸੇਵਾ ਆਰੰਭ ਕੀਤੀ ਸੀ.#(੬) ਗੁਰੂ ਕੇ ਮਹਲ. ਗੁਰੂ ਕੇ ਬਾਜ਼ਾਰ ਪਾਸ ਗੁਰੂ ਜੀ ਦੇ ਰਿਹਾਇਸ਼ੀ ਮਕਾਨ, ਜੋ ਗੁਰੂ ਰਾਮਦਾਸ ਜੀ ਨੇ ਤਿਆਰ ਕਰਵਾਏ. ਫੇਰ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ਮੁਕੰਮਲ ਕੀਤਾ ਤੇ ਸ਼੍ਰੀ ਗੁਰੂ ਹਰਿਗੋਬਿੰਦ ਜੀ ਭੀ ਇਨ੍ਹਾਂ ਵਿੱਚ ਨਿਵਾਸ ਕਰਦੇ ਰਹੇ. ਗੁਰੂ ਤੇਗ ਬਹਾਦੁਰ ਜੀ ਦਾ ਇੱਥੇ ਜਨਮ ਹੋਇਆ.#ਅੰਦਰ ਮੰਜੀ ਸਾਹਿਬ ਬਣਿਆ ਹੋਇਆ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#(੭) ਚੁਰਸਤੀ ਅਟਾਰੀ. ਸ਼ਹਿਰ ਵਿੱਚ ਗੁਰੂ ਕੇ ਬਾਜ਼ਾਰ ਦੇ ਸਿਰੇ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਕੇ ਮਹਿਲਾਂ ਤੋਂ ਇਹ ਗੁਰੁਦ੍ਵਾਰਾ ਨੇੜੇ ਹੈ. ਮਹਿਲਾਂ ਤੋਂ ਉੱਠਕੇ ਗੁਰੂ ਜੀ ਕਈ ਵਾਰੀ ਇੱਥੇ ਆਕੇ ਬੈਠਦੇ ਹੁੰਦੇ ਸਨ.#ਹੁਣ ਬਾਜ਼ਾਰ ਵਿੱਚ ਛੋਟਾ ਜਿਹਾ ਗੁਰੁਦ੍ਵਾਰਾ ਇੱਕ ਨੁੱਕਰ ਤੇ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਹਰ ਪੰਚਮੀ ਤੇ ਏਕਮ ਸੁਦੀ ਨੂੰ ਮੇਲਾ ਹੁੰਦਾ ਹੈ.#(੮) ਟਾਹਲੀ ਸਾਹਿਬ. ਸ਼ਹਿਰ ਵਿੱਚ ਸੰਤੋਖਸਰ ਸਰੋਵਰ ਦੇ ਪਾਸ ਵਾਯਵੀ ਕੋਣ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਅਮਰ ਦਾਸ ਜੀ ਦੀ ਆਗਾ੍ਯਾ ਨਾਲ ਜਦ ਸੰਤੋਖਸਰ ਤਾਲ ਸ਼ਰੀ ਰਾਮਦਾਸ ਜੀ ਨੇ ਖੁਦਵਾਇਆ ਸੀ.⁵ ਤਦ ਇਸ ਟਾਹਲੀ ਹੇਠਾਂ ਵਿਰਾਜਿਆ ਕਰਦੇ ਸਨ. ਟਾਹਲੀ ਦਾ ਉਹ ਬਿਰਛ ਹੁਣ ਮੌਜੂਦ ਹੈ.#ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਗੁਰੁਦ੍ਵਾਰੇ ਨਾਲ ਕੁਝ ਦੁਕਾਨਾਂ ਹਨ. ਅਕਾਲੀ ਸਿੰਘ ਸੇਵਾਦਾਰ ਹੈ. ੧. ਫੱਗੁਣ ਨੂੰ ਮੇਲਾ ਹੁੰਦਾ ਹੈ.#(੯) ਥੜਾ ਸਾਹਿਬ. ਸ਼੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਗੁਰੁਦ੍ਵਾਰਾ ਦੁਖਭੰਜਨੀ ਦੇ ਨਾਲ ਸ਼੍ਰੀ ਗੁਰੂ ਅਮਰਦਾਸ ਜੀ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਹੈ.#ਸ਼੍ਰੀ ਗੁਰੂ ਰਾਮ ਦਾਸ ਜੀ ਇੱਥੇ ਬੈਠਕੇ ਕੱਚੇ ਸਰੋਵਰ ਦੀ ਕਾਰ ਕਰਾਇਆ ਕਰਦੇ ਸਨ. ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਭੀ ਸਰੋਵਰ ਦੀ ਕਾਰ ਹੋਣ ਸਮੇਂ ਇੱਥੇ ਬੈਠਦੇ ਸਨ.#ਇਸ ਦੇ ਪੱਕਾ ਬਣਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ.#(੧੦) ਥੜਾ ਸਾਹਿਬ (੨). ਸ਼ਹਿਰ ਵਿੱਚ ਤਖਤ ਅਕਾਲ ਬੁੰਗੇ ਦੇ ਪਾਸ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਬਕਾਲੇ ਤੋਂ ਚੱਲਕੇ ਸ਼੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨ ਲਈ ਇੱਥੇ ਆਏ, ਅੱਗੋਂ ਪੁਜਾਰੀਆਂ ਨੇ 'ਹਰਿਮੰਦਿਰ' ਦਾ ਦਰਸ਼ਨੀ ਦਰਵਾਜ਼ਾ ਇਸ ਲਈ ਬੰਦ ਕਰ ਦਿੱਤਾ, ਕਿ ਕਿਤੇ ਹਰਿਮੰਦਿਰ ਤੇ ਕਬਜਾ ਨਾ ਕਰ ਲੈਣ.#ਇੱਥੇ ਛੋਟਾ ਜਿਹਾ ਗੁਰੁਦ੍ਵਾਰਾ ਬਹੁਤ ਸੁੰਦਰ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰੁਦ੍ਵਾਰੇ ਨਾਲ ਪੰਜ ਦੁਕਾਨਾਂ ਅਤੇ ੨੧. ਕਨਾਲ ਜਮੀਨ ਪਿੰਡ ਸੁਲਤਾਨਵਿੰਡ ਵਿੱਚ ਹੈ. ਮਾਘ ਸੁਦੀ ਪੂਰਣਮਾਸੀ ਨੂੰ ਮੇਲਾ ਹੁੰਦਾ ਹੈ. ਸ਼੍ਰੀ ਗੁਰੂ ਤੇਗਬਹਾਦੁਰ ਜੀ ਦੇ ਜੋਤੀਜੋਤਿ ਸਮਾਉਣ ਦਾ ਗੁਰਪੁਰਬ (ਗੁਰੁਪਰਵ) ਭੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ.#(੧੧) ਦਮਦਮਾ ਸਾਹਿਬ. ਸ਼ਹਿਰ ਤੋਂ ਅਗਨਿ ਕੋਣ ਮਾਲਲੰਡੀ ਦੇ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਜਿੱਥੇ ਥੜੇ ਸਾਹਿਬ ਤੋਂ ਉੱਠਕੇ ਸਤਿਗੁਰੂ ਕੁਝ ਕਾਲ ਠਹਿਰੇ ਹਨ.#ਪੱਕਾ ਗੁਰੁਦ੍ਵਾਰਾ ਬਹੁਤ ਸੁੰਦਰ ਬਣ ਰਿਹਾ ਹੈ, ਜਿਸ ਦੀ ਸੇਵਾ ਭਾਈ ਸੰਤ ਸਿੰਘ ਜੀ ਕਲੀ ਵਾਲੇ ਅਮ੍ਰਿਤਸਰ ਨੇ ਸੰਮਤ ੧੯੬੧ ਤੋਂ ਸ਼ੁਰੂ ਕੀਤੀ ਹੋਈ ਹੈ. ਪਾਸ ਪੱਕੇ ਰਿਹਾਇਸ਼ੀ ਮਕਾਨ ਹਨ.#ਜਾਗੀਰ ਜ਼ਮੀਨ ਕੁਝ ਨਹੀਂ ਹੈ. ਰੇਲ ਦੀ ਲੈਨ ਤੋਂ ੧. ਫਰਲਾਂਗ ਦੇ ਕਰੀਬ ਪੱਛਮ ਵੱਲ ਗੁਰੁਦ੍ਵਾਰਾ ਹੈ, ਜੋ ਰੇਲ ਵਿੱਚ ਬੈਠਿਆਂ ਨਜਰ ਆਉਂਦਾ ਹੈ, ਅਤੇ ਰੇਲਵੇ ਸਟੇਸ਼ਨ ਅਮ੍ਰਿਤਸਰ ਤੋਂ ਅਗਨਿ ਕੋਣ ਦੋ ਮੀਲ ਦੇ ਕਰੀਬ ਹੈ.#(੧੨) ਦਰਸ਼ਨੀ ਡਿਹੁਢੀ. ਸ਼ਹਿਰ ਦੇ ਵਿੱਚ ਗੁਰੂ ਕੇ ਬਾਜ਼ਾਰ ਦੇ ਨੇੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਨੇ ਇਹ ਡਿਹੁਢੀ ਰਾਮਦਾਸਪੁਰ ਦੀ ਬਨਵਾਈ ਸੀ. ਓਦੋਂ ਇਸ ਡਿਉਢੀ ਤੋਂ ਦਰਬਾਰ ਸਾਹਿਬ ਵੱਲ ਦੇ ਹਿੱਸੇ ਵਿੱਚ ਆਬਾਦੀ ਨਹੀਂ ਸੀ ਕੇਵਲ ਗੁਰੂ ਕਾ ਬਾਜ਼ਾਰ ਹੀ ਸੀ.#ਬਾਜ਼ਾਰ ਵਿੱਚ ਛੋਟਾ ਜਿਹਾ ਗੁਰੁਦ੍ਵਾਰਾ ਬਣਿਆ ਹੋਇਆ ਹੈ. ਪੁਜਾਰੀ ਸਿੰਘ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#(੧੩) ਦੁਖਭੰਜਨੀ ਬੇਰੀ. ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਗੁਰੁਦ੍ਵਾਰਾ ਹੈ. ਇੱਥੇ ਇੱਕ ਕੁਸ੍ਠੀ ਪਿੰਗੁਲਾ ਸਰੋਵਰ ਵਿੱਚ ਇਸਨਾਨ ਕਰਕੇ ਅਰੋਗ ਹੋਇਆ ਸੀ. ਇਸ ਗੁਰੁਦ੍ਵਾਰੇ ਨੂੰ ੨੪ ਰੁਪਯੇ ਸਲਾਨਾ ਜਾਗੀਰ ਮਹਾਰਾਜਾ ਸਾਹਿਬ ਨਾਭਾ ਵੱਲੋਂ ਹੈ.#ਗੁਰੁਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.#(੧੪) ਪਿੱਪਲੀ ਸਾਹਿਬ. ਅਮ੍ਰਿਤਸਰ ਲਹੌਰ ਦੀ ਸੜਕ ਉਤੇ ਸ਼ਹਿਰ ਤੋਂ ਵਾਯਵੀ ਕੋਣ ਡੇਢ ਮੀਲ ਦੇ ਕ਼ਰੀਬ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਹੈ. ਕਾਰ ਸਰੋਵਰ ਸਮੇਂ ਕਾਬੁਲ ਦੀ ਸੰਗਤ ਕਾਰ ਸੇਵਾ ਲਈ ਆਈ, ਤਾਂ ਉਨ੍ਹਾਂ ਦੇ ਸ੍ਵਾਗਤ ਲਈ ਗੁਰੂ ਜੀ ਇੱਥੇ ਆ ਗਏ. ਗੁਰੂ ਹਰਗੋਬਿੰਦ ਸਾਹਿਬ ਨੇ ਭੀ ਇੱਥੇ ਚਰਣ ਪਾਏ ਹਨ. ਛੋਟਾ ਜਿਹਾ ਗੁਰੁਦ੍ਵਾਰਾ ਬਣਿਆ ਹੋਇਆ ਹੈ. ਬਸੰਤ ਪੰਚਮੀ ਨੂੰ ਮੇਲਾ ਹੁੰਦਾ ਹੈ.#(੧੫) ਬੇਰ ਬਾਬਾ ਬੁੱਢਾ ਜੀ ਦੀ. ਸ਼੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿੱਚ ਘੰਟਾ ਘਰ ਦੀ ਬਾਹੀ ਵੱਲ ਬਾਬਾ ਬੁੱਢਾ ਜੀ ਦੀ ਬੇਰ ਹੈ. ਜਦੋਂ ਸ਼ਰੀ ਅਮ੍ਰਿਤਸਰ ਅਤੇ ਹਰਿਮੰਦਿਰ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ ਤਾਂ ਬਾਬਾ ਬੁੱਢਾ ਜੀ ਸੰਗਤ ਨੂੰ ਕਹੀਆਂ ਟੋਕਰੀਆਂ ਆਦਿ ਲੋੜਵੰਦ ਸਾਮਾਨ ਦਿੰਦੇ ਹੁੰਦੇ ਸਨ ਅਤੇ ਇਥੇ ਬੈਠਕੇ ਸਿੱਖਾਂ ਪਾਸੋਂ ਯੋਗ੍ਯ ਤਰੀਕੇ ਨਾਲ ਸੇਵਾ ਲੈਂਦੇ ਅਤੇ ਰਾਜ ਮਜ਼ਦੂਰਾਂ ਨੂੰ ਤਨਖ਼੍ਵਾਹ ਵੰਡਿਆ ਕਰਦੇ ਸਨ.#(੧੬) ਮੰਜੀ ਸਾਹਿਬ. ਸ਼੍ਰੀ ਦਰਬਾਰ ਸਾਹਿਬ ਦੇ ਪਾਸ ਗੁਰੂ ਕੇ ਬਾਗ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਹੈ. ਜਦੋਂ ਦਰਬਾਰ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ, ਤਦੋਂ ਗੁਰੂ ਜੀ ਇੱਥੇ ਬੈਠਕੇ ਦੀਵਾਨ ਲਗਾਇਆ ਕਰਦੇ ਸਨ.#ਗੁਰੁਦ੍ਵਾਰਾ ਕੇਵਲ ਇੱਕ ਉੱਚੇ ਥੜੇ ਪੁਰ ਮੰਜੀ ਸਾਹਿਬ ਹੈ. ਸੰਗ ਮਰਮਰ ਦੀ ਛਤਰੀ ਕੂਪਰ ਸਾਹਿਬ ਡਿਪਟੀ ਕਮਿਸ਼ਨਰ ਨੇ ਸਨ ੧੮੫੭ ਦੇ ਗਦਰ ਪਿੱਛੋਂ ਰਾਮਬਾਗ ਤੋਂ ਲਿਆਕੇ ਭੇਟਾ ਕੀਤੀ.#(੧੭) ਲਾਚੀ ਬੇਰੀ. ਦਰਸ਼ਨੀ ਦਰਵਾਜ਼ੇ ਦੇ ਪਾਸ ਇਹ ਭਾਈ ਸਾਲੋ ਜੀ ਦੀ ਬੇਰੀ ਹੈ. ਇਸ ਨੂੰ ਲਾਚੀਆਂ ਜੇਹੇ ਬੇਰ ਲਗਦੇ ਹਨ. ਇਸੀ ਤੋਂ ਇਸ ਦਾ ਨਾਉਂ ਲਾਚੀ ਬੇਰੀ ਹੋ ਗਿਆ ਹੈ. ਭਾਈ ਸਾਲੋ ਜੀ ਇੱਥੇ ਬੈਠਕੇ ਕਾਰ ਸੇਵਾ ਕਰਵਾਇਆ ਕਰਦੇ ਸਨ. ਸਤਿਗੁਰੂ ਅਰਜਨ ਦੇਵ ਭੀ ਇਸ ਬੇਰੀ ਹੇਠ ਵਿਰਾਜਦੇ ਰਹੇ ਹਨ.⁶#(੧੮) ਲੋਹ ਗੜ੍ਹ ਕਿਲਾ. ਦਰਵਾਜੇ ਲੋਹ ਗੜ੍ਹ ਦੇ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਹਰਗੋਬਿੰਦ ਸਾਹਿਬ ਨੇ ਸ਼ਹਿਰ ਦੀ ਰਖ੍ਯਾ ਲਈ ਇਹ ਕਿਲਾ ਬਣਵਾਇਆ ਸੀ. ਸੰਮਤ ੧੬੮੬ ਵਿੱਚ ਗੁਰੂ ਸਾਹਿਬ ਨੇ ਇੱਥੇ ਹੀ ਸ਼ਾਹੀ ਸੈਨਾ ਦਾ ਮੁਕ਼ਾਬਲਾ ਸ੍ਵੈਰਖ੍ਯਾ ਲਈ ਕੀਤਾ ਸੀ. ਹੁਣ ਭੀ ਕਿਲੇ ਦੇ ਕੁਛ ਚਿੰਨ੍ਹ ਨਜ਼ਰ ਆਉਂਦੇ ਹਨ. ਗੁਰੂ ਸਾਹਿਬ ਦੇ ਵੇਲੇ ਦੀ ਇੱਕ ਬੇਰੀ ਹੈ. ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਇਸ ਥਾਂ ਇੱਕ ਢਾਈ ਫੁੱਟ ਦਾ ਸ਼੍ਰੀ ਸਾਹਿਬ ਹੈ, ਜਿਸ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਜੀ ਦਾ ਦੱਸਿਆ ਜਾਂਦਾ ਹੈ.#(੧੯) ਸ੍ਰੀ ਅਮ੍ਰਿਤਸਰ ਜੀ ਵਿੱਚ ਕਿਲਾ ਭੰਗੀਆਂ ਗਲੀ ਠਾਕੁਰਦ੍ਵਾਰੇ ਵਾਲੀ, ਵਿੱਚ ਭਾਈ ਰਾਮ ਸਰਨ ਅਤੇ ਭਾਈ ਗ੍ਯਾਨ ਚੰਦ ਜੀ ਬ੍ਰਾਹਮਣਾਂ ਦੇ ਘਰ ਹੇਠ ਲਿਖੀਆਂ ਗੁਰੁਵਸਤੂਆਂ ਹਨ:-#ਗੁਰੂ ਹਰਿ ਰਾਇ ਸਾਹਿਬ ਜੀ ਦਾ ਆਸਾ, ਜੋ ਪੌਣੇ ਛੀ ਫੁੱਟ ਲੰਮਾ ਹੈ. ਇਹ ਇਨ੍ਹਾਂ ਬ੍ਰਾਹਮਣਾਂ ਦੇ ਬਜ਼ੁਰਗ ਭਾਈ ਹਰਾ ਨੂੰ ਗੁਰੂ ਹਰਿ ਰਾਇ ਸਾਹਿਬ ਨੇ ਬਖਸ਼ਿਆ ਸੀ.#ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋੜਾ ਅਤੇ ਚੋਲਾ, ਜੋ ਭਾਈ ਹਰਾ ਦੇ ਪੁਤ੍ਰ, ਭਾਈ ਨੱਥੂ ਨੂੰ ਦਸ਼ਮੇਸ਼ ਨੇ ਆਨੰਦਪੁਰ ਬਖ਼ਸ਼ਿਆ.

Community report

Report an entry

You’re reporting ਅਮ੍ਰਿਤਸਰ. Its headword, entry ID and page URL will be included automatically.

Fields marked with an asterisk are required.

0/4,000

Use at least 10 characters and explain what you expected to see.

0/4,000

Add the corrected wording if you know it.

Human verification

Loading human verification…

Reports are filed in the project’s GitHub issue tracker. Don’t include private or sensitive information.

Mahan Kosh

Mahan Kosh is a self-funded project making this encyclopaedia of Punjabi language, history and culture easier to explore online.

With thanks to the creator of sikhi.io, a collaborator who helped provide the dataset for this digital edition.

Help improve Mahan Kosh with corrections, ideas or code. For an entry correction, use “Report an issue” on the entry page. Share other feedback or contribute through GitHub.

Contribute on GitHub

Alpha — this digital edition is still being reviewed and may contain errors.

© 2026 Mahan Kosh. All rights reserved.