ਫਰੀਦਕੋਟ


"ਮੋਕਲ ਨਗਰ" ਰਾਜਾ ਮੋਕਲਦੇਵ ਨੇ ਵਿਕ੍ਰਮੀ ਬਾਰ੍ਹਵੀਂ ਸਦੀ ਦੇ ਅੰਤ ਵਸਾਇਆ, ਪਰ ਫਰੀਦ ਜੀ ਦੇ ਚਰਣ ਪਾਉਣ ਸਮੇਂ ਰਾਜੇ ਨੇ ਆਪਣਾ ਨਾਉਂ ਹਟਾਕੇ ਦਰਵੇਸ਼ ਦੇ ਨਾਉਂ ਪੁਰ ਨਗਰ ਦਾ ਨਾਉਂ ਰੱਖਿਆ.¹ ਇਹ ਲਹੌਰੋਂ ੭੯ ਅਤੇ ਫਿਰੋਜ਼ਪੁਰ ਤੋਂ ੨੨ ਮੀਲ ਦੱਖਣ ਪੂਰਵ ਹੈ.#ਫਰੀਦਕੋਟ ਚਿਰ ਤੀਕ ਅਨੇਕ ਲੋਕਾਂ ਦੇ ਹੱਥ ਰਿਹਾ, ਅੰਤ ਨੂੰ ਈਸਵੀ ਸੋਲਵੀਂ ਸਦੀ ਵਿੱਚ ਇਸ ਤੇ ਬਰਾੜਵੰਸ਼ ਦਾ ਕਬਜਾ ਹੋਇਆ. ਹੁਣ ਇਹ ਪ੍ਰਸਿੱਧ ਸਿੱਖ ਰਿਆਸਤ ਹੈ. ਇਸ ਦੀ ਸੰਖੇਪ ਕਥਾ ਇਹ ਹੈ-#ਜੈਸਲ ਭੱਟੀ ਰਾਜਪੂਤ ਦੀ ਵੰਸ਼ ਵਿੱਚ ਬਰਾੜ ਪ੍ਰਤਾਪੀ ਪੁਰਖ ਹੋਇਆ. ਜਿਸ ਦੇ ਵਡੇ ਪੁਤ੍ਰ ਪੌੜ ਤੋਂ ਫੂਲਵੰਸ਼ ਦੀ ਸ਼ਾਖ ਤੁਰੀ ਅਤੇ ਛੋਟੇ ਦੁੱਲ ਤੋਂ ਫਰੀਦਕੋਟ ਦਾ ਵੰਸ਼ ਚੱਲਿਆ. ਦੁੱਲ ਦੀ ਕੁਲ ਵਿੱਚ ਬਾਦਸ਼ਾਹ ਅਕਬਰ ਦੇ ਸਮੇਂ ਚੌਧਰੀ ਭੱਲਣ ਮਾਲਵੇ ਵਿੱਚ ਸਿਰ ਕਰਦਾ ਆਦਮੀ ਸੀ, ਕਿਉਂਕਿ ਭੱਲਣ ਦੇ ਪਿਤਾ ਸੰਘਰ ਨੇ ਕਈ ਜੰਗਾਂ ਵਿੱਚ ਬਾਦਸ਼ਾਹ ਨੂੰ ਭਾਰੀ ਸਹਾਇਤਾ ਦਿੱਤੀ ਸੀ. ਜਿਸ ਦਾ ਅਕਬਰ ਨੂੰ ਸਦਾ ਧਿਆਨ ਰਹਿੰਦਾ ਸੀ. ਪਰ ਭੱਲਣ ਦਾ ਮਨਸੂਰ ਨਾਲ, ਜੋ ਸਰਸੇ ਵੱਲ ਦੇ ਪਰਗਨੇ ਦਾ ਮਾਲਗੁਜਾਰ ਚੌਧਰੀ ਸੀ, ਇਲਾਕੇ ਦੀ ਸਰਦਾਰੀ ਬਾਬਤ ਝਗੜਾ ਬਣਿਆ ਰਹਿੰਦਾ ਸੀ. ਇਕ ਵਾਰ ਇਹ ਦੋਵੇਂ ਅਕਬਰ ਦੇ ਦਰਬਾਰ ਵਿੱਚ ਹਾਜਰ ਹੋਏ, ਤਾਂ ਮਨਸੂਰ ਨੂੰ ਬਾਦਸ਼ਾਹ ਵੱਲੋਂ ਸਰੋਪਾ ਮਿਲਿਆ. ਜਦ ਮਨਸੂਰ ਸਿਰ ਤੇ ਚੀਰਾ ਬੰਨ੍ਹਣ ਲੱਗਾ, ਤਾਂ ਭੱਲਣ ਨੇ ਆਪਣੇ ਸਰੋਪਾ ਦੀ ਉਡੀਕ ਕਰਨ ਤੋਂ ਪਹਿਲਾਂ ਹੀ, ਮਨਸੂਰ ਦਾ ਅੱਧਾ ਚੀਰਾ ਪਾੜਕੇ ਆਪਣੇ ਸਿਰ ਤੇ ਬੰਨ੍ਹ ਲਿਆ. ਇਸ ਪੁਰ ਅਕਬਰ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਵਿੱਚ ਬਰਾਬਰ ਦੇ ਇਲਾਕੇ ਵੰਡ ਦਿੱਤੇ.²#ਸਨ ੧੬੩੦ (ਸੰਮਤ ੧੬੮੮) ਵਿੱਚ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਲਵੇ ਆਏ, ਤਾਂ ਭੁੱਲਣ ਨੇ ਗੁਰਸਿੱਖੀ ਧਾਰਨ ਕੀਤੀ ਅਤੇ ਤਨ ਮਨ ਤੋਂ ਆਪਣੀ ਬਿਰਾਦਰੀ ਸਮੇਤ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ. ਭੱਲਣ ਦੇ ਔਲਾਦ ਨਹੀਂ ਸੀ, ਇਸ ਲਈ ਉਸ ਦੇ ਦੇਹਾਂਤ ਪਿੱਛੋਂ ਸਨ ੧੬੪੩ ਵਿੱਚ ਉਸ ਦੇ ਭਾਈ ਲਾਲੇ ਦਾ ਪੁਤ੍ਰ ਕਪੂਰਾ, ਜਿਸ ਦਾ ਜਨਮ ਸਨ ੧੬੨੮ ਵਿੱਚ ਹੋਇਆ ਸੀ, ਚੌਧਰੀ ਥਾਪਿਆ ਗਿਆ. ਕਪੂਰੇ ਨੇ ਆਪਣੇ ਨਾਉਂ ਤੇ ਸਨ ੧੬੬੧ ਵਿੱਚ ਕੋਟਕਪੂਰਾ ਪਿੰਡ ਵਸਾਇਆ. ਇਹ ਉਦਾਰ ਬਹਾਦੁਰ ਅਤੇ ਨ੍ਯਾਯਕਾਰੀ ਸੀ. ਇਸ ਲਈ ਇਸ ਦੇ ਅਧੀਨ ਰਹਿਣਾ ਲੋਕ ਬਹੁਤ ਪਸੰਦ ਕਰਦੇ ਸਨ.#ਜਦ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਮਾਲਵੇ ਵੱਲ ਸੰਮਤ ੧੭੬੧- ੬੨ (ਸਨ ੧੭੦੩- ੪) ਵਿੱਚ ਆਏ, ਤਦ ਇਸ ਨੇ ਸਿਰੀਏਵਾਲੇ ਪਿੰਡ ਕਲਗੀਧਰ ਤੋਂ ਅੰਮ੍ਰਿਤ ਛਕਿਆ ਅਰ ਨਾਮ ਕਪੂਰ ਸਿੰਘ ਹੋਇਆ. ਇਸ ਮੌਕੇ ਦਸ਼ਮੇਸ਼ ਨੇ ਇਸ ਨੂੰ ਇੱਕ ਤਲਵਾਰ ਤੇ ਢਾਲ ਬਖਸ਼ੀ. ਕਪੂਰ ਸਿੰਘ ਅੰਮ੍ਰਿਤ ਛਕਣ ਤੋਂ ਪਹਿਲਾਂ ਭੀ ਸਹਜਧਾਹੀ ਸਿੱਖ ਸੀ, ਇਸੇ ਲਈ ਆਨੰਦਪੁਰ ਸਤਿਗੁਰਾਂ ਦੀ ਸੇਵਾ ਵਿੱਚ ਭੇਟਾ ਭੇਜਦਾ ਰਹਿੰਦਾ ਸੀ. ਇੱਕ ਵਾਰ ਇਸ ਨੇ ਬਹੁਤ ਸੁੰਦਰ ਘੋੜਾ ਗੁਰੂ ਸਾਹਿਬ ਦੀ ਸਵਾਰੀ ਲਈ ਘੱਲਿਆ ਸੀ, ਜਿਸ ਬਾਬਤ ਭਾਈ ਸੰਤੋਖਸਿੰਘ ਨੇ ਲਿਖਿਆ ਹੈ-#"ਜੰਗਲ ਬਿਖੇ ਕਪੂਰਾ ਜਾਟ,#ਕੇਤਿਕ ਗ੍ਰਾਮਨ ਕੋ ਪਤਿ ਰਾਠ,#ਇਕ ਸੌ, ਇਕ ਹਜਾਰ³ ਧਨ ਦੈਕੈ,#ਚੰਚਲ ਬਲੀ ਤੁਰੰਗਮ ਲੈਕੈ,#ਸੋ ਹਜੂਰ ਮੇ ਦਯੋ ਪੁਚਾਈ,#ਦੇਖਯੋ ਬਹੁ ਬਲ ਸੋਂ ਚਪਲਾਈ,#ਅਪਨੇ ਚਢਬੇ ਹੇਤ ਬੰਧਾਯੇ,#ਦਲਸਿੰਗਾਰ ਤਿਂਹ ਨਾਮ ਬਤਾਯੇ."⁴ (ਗੁਪ੍ਰਸੂ)#ਸਰਦਾਰ ਈਸਾਖ਼ਾਨ ਮੰਜ, ਜਿਸ ਦਾ ਇਲਾਕਾ ਕਪੂਰ ਸਿੰਘ ਦੇ ਨਾਲ ਲਗਦਾ ਸੀ, ਮਨ ਵਿੱਚ ਸਦਾ ਵੈਰ ਰੱਖਦਾ ਸੀ, ਇੱਕ ਵਾਰ ਮੌਕਾ ਪਾਕੇ ਧੋਖੇ ਨਾਲ ਕਪੂਰਸਿੰਘ ਨੂੰ ਫੜਕੇ ਉਸ ਨੇ ਮਾਰ ਦਿੱਤਾ. ਇਹ ਘਟਨਾ ਸਨ ੧੭੦੮ ਦੀ ਹੈ.#ਕਪੂਰਸਿੰਘ ਦੇ ਬੇਟੇ ਸੁੱਖਾ, ਸੇਮਾ ਮੁਖੀਆ ਸਨ, ਇਨ੍ਹਾਂ ਨੇ ਪਿਤਾ ਦਾ ਬਦਲਾ ਲੈਣ ਲਈ ਈਸਾਖ਼ਾਨ ਨੂੰ ਜੰਗ ਵਿੱਚ ਮਾਰਕੇ ਉਸ ਦਾ ਕਿਲਾ ਲੁੱਟਿਆ ਅਤੇ ਕੁਝ ਇਲਾਕਾ ਮੱਲਿਆ.#ਕਪੂਰਸਿੰਘ ਪਿੱਛੋਂ ਇਲਾਕੇ ਦਾ ਚੌਧਰੀ ਸੇਮਾ ਹੋਇਆ, ਜਿਸ ਨੇ ਦੋ ਵਰ੍ਹੇ ਚੌਧਰ ਕੀਤੀ. ਸਨ ੧੭੧੦ ਵਿੱਚ ਸੇਮੇ ਦੇ ਮਰਣ ਪੁਰ ਉਸ ਦਾ ਵਡਾ ਭਾਈ ਸੁੱਖਾ ਚੌਧਰੀ ਬਣਿਆ. ਇਸ ਨੇ ਆਪਣੇ ਉੱਦਮ ਨਾਲ ਕਈ ਲਾਗੇ ਦੇ ਪਿੰਡ ਆਪਣੀ ਸਰਦਾਰੀ ਹੇਠ ਲੈ ਆਂਦੇ. ਸੁੱਖੇ ਦਾ ਦੇਹਾਂਤ ਸਨ ੧੭੩੧ ਵਿੱਚ ਹੋਇਆ. ਇਸ ਦੇ ਪੁਤ੍ਰ ਜੋਧ, ਹਮੀਰ ਅਤੇ ਵੀਰ ਇਲਾਕੇ ਦੀ ਵੰਡ ਪਿੱਛੇ ਝਗੜਨ ਲੱਗੇ. ਉਸ ਵੇਲੇ ਦੇ ਮੁਖੀਏ ਸਿੰਘ ਸਰਦਾਰ ਜੱਸਾਸਿੰਘ ਆਹਲੂਵਾਲੀਆ, ਸਰਦਾਰ ਝੰਡਾ ਸਿੰਘ ਭੰਗੀ ਆਦਿਕਾਂ ਨੇ ਵਿੱਚ ਪੈਕੇ ਫੈਸਲਾ ਕੀਤਾ ਕਿ ਫਰੀਦਕੋਟ ਹਮੀਰਸਿੰਘ ਪਾਸ ਰਹੇ ਅਤੇ ਕੋਟਕਪੂਰਾ ਜੋਧ ਪਾਸ ਅਰ ਮਾੜੀਮੁਸਤਫਾ ਵੀਰ ਨੂੰ ਦਿੱਤੀ ਜਾਵੇ. ਖਾਲਸਾਦਲ ਨੇ ਇਸ ਮੌਕੇ ਤੇਹਾਂ ਭਾਈਆਂ ਨੂੰ ਅਮ੍ਰਿਤ ਛਕਾਕੇ ਸਿੰਘ ਸਜਾਇਆ.#ਸਨ ੧੭੩੨ ਵਿੱਚ ਸਰਦਾਰ ਹਮੀਰਸਿੰਘ ਨੇ ਫਰੀਦਕੋਟ ਸੰਭਾਲਕੇ ਰਾਜਸੀ ਠਾਟ ਬਣਾ ਲਿਆ ਅਰ ਸ਼ਹਿਰ ਨੂੰ ਬਹੁਤ ਰੌਣਕ ਦਿੱਤੀ. ਜੋਧਸਿੰਘ ਦਾ ਕਈ ਕਾਰਣਾਂ ਕਰਕੇ ਪਟਿਆਲੇ ਨਾਲ ਝਗੜਾ ਹੋ ਗਿਆ, ਜਿਸ ਤੋਂ ਉਹ ਸਨ ੧੭੬੭ ਵਿੱਚ ਜੰਗ ਅੰਦਰ ਮਾਰਿਆ ਗਿਆ.#ਸਨ ੧੭੮੨ ਵਿੱਚ ਹਮੀਰ ਸਿੰਘ ਦਾ ਦੇਹਾਂਤ ਹੋਣ ਪੁਰ ਰਾਜ ਦਾ ਮਾਲਿਕ ਮੋਹਰਸਿੰਘ ਹੋਇਆ.⁵ ਇਹ ਯੋਗ੍ਯ ਪ੍ਰਬੰਧਕ ਨਹੀਂ ਸੀ. ਇਸ ਲਈ ਇਸ ਦੇ ਪੁਤ੍ਰ ਚੜ੍ਹਤਸਿੰਘ ਨੇ ਬਾਪ ਨੂੰ ਹੁਕੂਮਤ ਤੋਂ ਕਿਨਾਰੇ ਕਰਕੇ ਸਰਦਾਰੀ ਆਪਣੇ ਹੱਥ ਲਈ. ਚੜ੍ਹਤਸਿੰਘ ਬਹੁਤ ਲਾਇਕ ਅਤੇ ਨਿਰਭੈ ਯੋਧਾ ਸੀ.#ਸਨ ੧੮੦੪ ਵਿੱਚ ਚੜ੍ਹਤਸਿੰਘ ਦਾ ਤਾਇਆ ਦਲਸਿੰਘ ਰਾਤ ਨੂੰ ਛਾਪਾ ਮਾਰਕੇ ਫਰੀਦਕੋਟ ਤੇ ਆ ਪਿਆ ਅਤੇ ਚੜ੍ਹਤਸਿੰਘ ਨੂੰ ਕਤਲ ਕਰਕੇ ਰਿਆਸਤ ਤੇ ਕਬਜਾ ਕਰ ਲਿਆ. ਉਸ ਵੇਲੇ ਚੜ੍ਹਤਸਿੰਘ ਦੇ ਬੇਟੇ ਗੁਲਾਬਸਿੰਘ, ਪਹਾੜਸਿੰਘ, ਸਾਹਿਬਸਿੰਘ ਅਤੇ ਮਤਾਬ ਸਿੰਘ ਬਹੁਤ ਛੋਟੇ ਸਨ, ਜੋ ਮਸੀਂ ਜਾਨ ਬਚਾਕੇ ਨੱਸੇ. ਪਰ ਦਲਸਿੰਘ ਇੱਕ ਮਹੀਨੇ ਤੋਂ ਵੱਧ ਰਿਆਸਤ ਦਾ ਆਨੰਦ ਨਹੀਂ ਭੋਗ ਸਕਿਆ. ਨਾਬਾਲਗ ਬੱਚਿਆਂ ਦੀ ਸਹਾਇਤਾ ਲਈ ਉਨ੍ਹਾਂ ਦੇ ਮਾਮੇ ਸਰਦਾਰ ਫੌਜਾਸਿੰਘ (ਸ਼ੇਰ ਸਿੰਘ ਵਾਲੇ ਦੇ ਗਿੱਲ ਸਰਦਾਰ) ਨੇ ਕੁਝ ਫੌਜ ਲੈਕੇ ਰਾਤ ਨੂੰ ਫਰੀਦਕੋਟ ਤੇ ਛਾਪਾ ਆ ਮਾਰਿਆ ਅਤੇ ਸੁੱਤੇ ਪਏ ਦਲਸਿੰਘ ਨੂੰ ਕਤਲ ਕਰਕੇ ਗੁਲਾਬ ਸਿੰਘ ਨੂੰ ਗੱਦੀ ਤੇ ਬੈਠਾਇਆ.#ਸਨ ੧੮੦੬- ੭ ਵਿੱਚ ਦੀਵਾਨ ਮੁਹਕਮਚੰਦ, ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਫਰੀਦਕੋਟ ਤੇ ਚੜ੍ਹ ਆਇਆ ਅਤੇ ਸੱਤ ਹਜਾਰ ਰੁਪਯਾ ਖਿਰਾਜ ਵਸੂਲ ਕੀਤਾ. ੨੬ ਸਿਤੰਬਰ ਸਨ ੧੮੦੮ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਤੇ ਆਪਣਾ ਕਬਜਾ ਆਜਮਾਇਆ ਅਤੇ ਰਈਸ ਨੂੰ ਗੁਜਾਰੇ ਲਈ ਕੇਵਲ ਪੰਜ ਪਿੰਡ ਦਿੱਤੇ.#ਸਰਕਾਰ ਅੰਗ੍ਰੇਜ਼ੀ ਨੇ ਜਦ ਸਤਲੁਜ ਉਰਾਰਦੀਆਂ ਰਿਆਸਤਾਂ ਆਪਣੀ ਰਖ੍ਯਾ ਅੰਦਰ ਲਈਆਂ, ਤਦ ੩. ਅਪ੍ਰੈਲ ਸਨ ੧੮੦੯ ਨੂੰ ਫਰੀਦਕੋਟ ਗੁਲਾਬਸਿੰਘ ਨੂੰ ਵਾਪਿਸ ਦਿਵਾਇਆ ਗਿਆ.#੫. ਨਵੰਬਰ ਸਨ ੧੮੨੬ ਨੂੰ ਗੁਲਾਬਸਿੰਘ ਦੁਸ਼ਮਨਾਂ ਦੇ ਹੱਥੋਂ ਹਵਾਖ਼ੋਰੀ ਕਰਦਾ ਮਾਰਿਆ ਗਿਆ ਅਰ ਕਾਤਲਾਂ ਦਾ ਕੁਝ ਪਤਾ ਨਾ ਮਿਲਿਆ.#ਗੁਲਾਬਸਿੰਘ ਪਿੱਛੋਂ ਉਸ ਦਾ ਪੁਤ੍ਰ ਅਤਰਸਿੰਘ, ਜੋ ਉਸ ਵੇਲੇ ਚਾਰ ਵਰ੍ਹੇ ਦਾ ਸੀ ਗੱਦੀ ਤੇ ਬੈਠਾ, ਪਰ ਇਸ ਦਾ ਦੇਹਾਂਤ ਸਨ ੧੮੨੭ ਵਿੱਚ ਹੋ ਗਿਆ. ਇਸ ਲਈ ਰਾਜ ਦਾ ਮਾਲਿਕ ਪਹਾੜਸਿੰਘ ਬਣਿਆ. ਇਹ ਦਾਨੀ, ਸੂਰਵੀਰ ਅਤੇ ਵਡਾ ਚਤੁਰ ਸੀ. ਇਸ ਨੇ ਰਾਜ ਨੂੰ ਵੱਡੀ ਤਰੱਕੀ ਦਿੱਤੀ, ਕਈ ਨਵੇਂ ਪਿੰਡ ਆਬਾਦ ਕੀਤੇ ਅਤੇ ਇਲਾਕੇ ਵਿੱਚ ਬਹੁਤ ਖੂਹ ਲਗਵਾਏ.#ਸਨ ੧੮੪੫ ਦੇ ਸਿੱਖਜੰਗ ਸਮੇਂ ਦੂਰੰਦੇਸ਼ ਪਹਾੜਸਿੰਘ ਨੇ ਅੰਗ੍ਰੇਜ਼ਾਂ ਦੀ ਤਨ ਮਨ ਧਨ ਤੋਂ ਸਹਾਇਤਾ ਕੀਤੀ. ਇਸ ਲਈ ਸਰਕਾਰ ਨੇ ਸਨ ੧੮੪੬ ਵਿੱਚ "ਰਾਜਾ" ਪਦਵੀ ਅਤੇ ਨਾਭੇ ਦੇ ਜਬਤ ਕੀਤੇ ਇਲਾਕੇ ਵਿੱਚੋਂ ੩੫੬੧੨) ਸਾਲਾਨਾ ਆਮਦਨ ਦਾ ਇਲਾਕਾ ਦਿੱਤਾ.#ਰਾਜਾ ਪਹਾੜਸਿੰਘ ਦਾ ਦੇਹਾਂਤ ਅਪ੍ਰੈਲ ਸਨ ੧੮੪੯ ਵਿੱਚ ਹੋਇਆ ਅਤੇ ਉਸ ਦਾ ਸੁਪੁਤ੍ਰ ਵਜੀਰ ਸਿੰਘ⁶ ੨੧. ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੪੯ ਦੇ ਸਿੱਖਜੰਗ ਅਤੇ ਸਨ ੧੮੫੭ (ਸੰਮਤ ੧੯੧੪) ਦੇ ਗ਼ਦਰ ਵੇਲੇ ਸਰਕਾਰ ਨੂੰ ਪੂਰੀ ਸਹਾਇਤਾ ਦਿੱਤੀ, ਜਿਸ ਤੋਂ "ਬੈਰਾੜਬੰਸ ਰਾਜਾ ਸਾਹਿਬ ਬਹਾਦੁਰ" ਖ਼ਿਤਾਬ ਮਿਲਿਆ, ਸਲਾਮੀ ੧੧. ਤੋਪਾਂ ਦੀ ਕੀਤੀ ਗਈ ਅਤੇ ਖਿਲਤ ੧੧. ਪਾਰਦੇ ਦਾ ਹੋਇਆ. ੧੧. ਮਾਰਚ ਸਨ ੧੮੬੨ ਨੂੰ ਮੁਤਬੰਨਾ ਕਰਨ ਦੀ ਸਨਦ ਪ੍ਰਾਪਤ ਹੋਈ. ਰਾਜਾ ਵਜੀਰਸਿੰਘ ਨੇ ਹਜੂਰਸਾਹਿਬ ਜਾਕੇ ਅੰਮ੍ਰਿਤ ਛਕਿਆ ਅਤੇ ਪੂਰਣ ਸਿੱਖੀ ਦੀ ਰਹਿਤ ਧਾਰਣ ਕੀਤੀ. ਕੁਰੁਕ੍ਸ਼ੇਤ੍ਰ ਦੇ ਥਾਨ ਤੀਰਥ ਤੇ ਅਪ੍ਰੈਲ ਸਨ ੧੮੭੪ ਨੂੰ ਰਾਜਾ ਵਜੀਰ ਸਿੰਘ ਦਾ ਦੇਹਾਂਤ ਹੋਇਆ, ਜਿੱਥੇ ਰਿਆਸਤ ਵੱਲੋਂ ਸਮਾਧ ਬਣਾਈ ਗਈ ਅਤੇ ਗੁਰੂ ਗ੍ਰੰਥਸਾਹਿਬ ਸ੍‍ਥਾਪਨ ਕਰਕੇ ਸਦਾਵ੍ਰਤ ਲਾਇਆ ਗਿਆ.#ਪਿਤਾ ਦੇ ਮਰਨ ਪੁਰ ਰਾਜਾ ਬਿਕ੍ਰਮਸਿੰਘ, ਜਿਸ ਦਾ ਜਨਮ ਸਰਦਾਰ ਸ਼ਾਮਸਿੰਘ ਮਾਨ ਦੀ ਸੁਪੁਤ੍ਰੀ ਰਾਣੀ ਇੰਦਕੌਰ ਦੀ ਕੁੱਖ ਤੋਂ ਮਾਘ ਸੁਦੀ ੧੧. ਸੰਮਤ ੧੮੯੮ (ਜਨਵਰੀ ਸਨ ੧੮੪੨) ਨੂੰ ਹੋਇਆ ਸੀ. ੩੨ ਵਰ੍ਹੇ ਦੀ ਉਮਰ ਵਿੱਚ ਫਰੀਦਕੋਟ ਦੀ ਗੱਦੀ ਤੇ ਬੈਠਾ ਅਤੇ ਰਿਆਸਤ ਦਾ ਉੱਤਮ ਪ੍ਰਬੰਧ ਕੀਤਾ. ਦੂਜੇ ਅਪਗਾਨ ਜੰਗ ਵਿੱਚ ਸਰਕਾਰ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਅਰ "ਫ਼ਰਜ਼ੰਦੇ ਸਾਦਤ ਨਿਸ਼ਾਨ ਹਜਰਤੇ ਕ਼ੈਸਰੇ ਹਿੰਦ" ਖ਼ਿਤਾਬ ਪ੍ਰਾਪਤ ਕੀਤਾ.#ਰਾਜਾ ਬਿਕ੍ਰਮਸਿੰਘ ਜੀ ਨੇ ਬਹੁਤ ਗੁਣੀ ਗ੍ਯਾਨੀ ਇਕੱਠੇ ਕਰਕੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਟੀਕਾ ਭਾਈ ਬਦਨਸਿੰਘ ਗ੍ਯਾਨੀ ਤੋਂ ਲਿਖਵਾਇਆ, ਜੋ ਰਿਆਸਤ ਵੱਲੋਂ ਬਹੁਤ ਧਨ ਖ਼ਰਚਕੇ ਦੋ ਵਾਰ ਛਪਵਾਇਆ ਗਿਆ ਹੈ.#ਅਮ੍ਰਿਤਸਰ ਜੀ ਗੁਰੂ ਕੇ ਲੰਗਰ ਦੀ ਇਮਾਰਤ ਲਈ ੭੫੦੦੦) ਅਤੇ ਦਰਬਾਰ ਸਾਹਿਬ ਬਿਜਲੀ ਲਾਉਣ ਲਈ ੨੫੦੦੦ ਰੁਪ੍ਯਾ ਘਰ ਅਰਪਨ ਕੀਤਾ.#੮. ਅਗਸਤ ਸਨ ੧੮੯੮ ਨੂੰ ਰਾਜਾ ਬਿਕ੍ਰਮ ਸਿੰਘ ਜੀ ਦਾ ਦੇਹਾਂਤ ਹੋਇਆ.#ਰਾਜਾ ਸਾਹਿਬ ਦਾ ਦੇਹਾਂਤ ਹੋਣ ਪੁਰ ਉਨ੍ਹਾਂ ਦੇ ਪੁਤ੍ਰ ਬਲਬੀਰ ਸਿੰਘ ਜੀ, ਜਿਨ੍ਹਾਂ ਦਾ ਜਨਮ ਰਾਣੀ ਬਿਸਨਕੌਰ (ਬਖ਼ਸ਼ੀ ਪ੍ਰਤਾਪਸਿੰਘ ਚਾਹਲ ਦੀ ਸੁਪੁਤ੍ਰੀ) ਦੇ ਉਦਰੋਂ ਭਾਦੋਂ ਬਦੀ ੮. ਸੋਮਵਾਰ ਸੰਮਤ ੧੯੨੬ (ਸਨ ੧੮੬੯) ਨੂੰ ਹੋਇਆ ਸੀ, ੧੬. ਦਿਸੰਬਰ ਸਨ ੧੮੯੮ ਨੂੰ ਗੱਦੀ ਤੇ ਬੈਠੇ. ਇਹ ਬਹੁਤ ਸੁੰਦਰ ਕੱਦਾਵਰ ਅਤੇ ਮਿਲਣਸਾਰ ਸਨ. ਇਨ੍ਹਾਂ ਨੇ ਸੁੰਦਰ ਇਮਾਰਤਾਂ ਬਣਵਾਈਆਂ ਅਤੇ ਬਾਗ ਲਾਏ, ਪਰ ਸ਼ੋਕ ਹੈ ਕਿ ਇਹ ਬਹੁਤ ਚਿਰ ਰਾਜ ਨਹੀਂ ਕਰ ਸਕੇ, ਸਨ ੧੯੦੬ ਵਿੱਚ ਦੇਹਾਂਤ ਹੋ ਗਿਆ. ਰਾਜਾ ਬਲਬੀਰ ਸਿੰਘ ਜੀ ਦੇ ਸੰਤਾਨ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਪਣੇ ਛੋਟੇ ਭਾਈ ਕੌਰ ਗਜੇਂਦ੍ਰਸਿੰਘ ਦੇ ਸੁਪੁਤ੍ਰ ਬ੍ਰਿਜਇੰਦ੍ਰਸਿੰਘ ਜੀ ਨੂੰ ਜਿਨ੍ਹਾਂ ਦਾ ਜਨਮ ਸਨ ੧੮੯੬ ਵਿੱਚ ਹੋਇਆ ਸੀ. ਸਨ ੧੯੦੬ ਵਿੱਚ ਮੁਤਬੰਨਾ ਕਰ ਲਿਆ. ਤਾਏ ਦਾ ਦੇਹਾਂਤ ਹੋਣ ਪੁਰ ਰਾਜਕੁਮਾਰ ਬ੍ਰਿਜ ਇੰਦ੍ਰਸਿੰਘ ਜੀ ੧੫. ਮਾਰਚ ਸਨ ੧੯੦੬ ਨੂੰ ਗੱਦੀ ਤੇ ਬੈਠੇ.#ਇਨ੍ਹਾਂ ਨੇ ਐਸੀਚਨ ਕਾਲਿਜ ਲਹੌਰ ਵਿੱਚ ਤਾਲੀਮ ਪਾਈ. ਸਨ ੧੯੧੪ ਦੇ ਮਹਾਨ ਜੰਗ ਵਿੱਚ ਸਰਕਾਰ ਨੂੰ ਧਨ ਅਤੇ ਰੰਗਰੂਟਾਂ ਦੀ ਭਰਤੀ ਦ੍ਵਾਰਾ ਬਹੁਤ ਸਹਾਇਤਾ ਦਿੱਤੀ. ਰਿਆਸਤ ਦੀ ਸਫਰਮੈਨਾਂ (Sappers) ਕੰਪਨੀ ਨੇ ਈਸਟ ਅਫਰੀਕਾ ਵਿੱਚ ਤਿੰਨ ਵਰ੍ਹੇ ਤੋਂ ਉੱਪਰ ਬਹੁਤ ਸ਼ਲਾਘਾ ਯੋਗ੍ਯ ਸੇਵਾ ਕੀਤੀ. ਰਾਜਾ ਸਾਹਿਬ ਦਾ ਸਰਕਾਰ ਵੱਲੋਂ ਧੰਨਵਾਦ ਹੋਇਆ ਅਤੇ ਮਹਾਰਾਜਾ ਪਦਵੀ ਮਿਲੀ. ਸਨ ੧੯੨੨ ਵਿੱਚ ਮਹਾਰਾਜਾ ਨੂੰ ਪ੍ਰਾਣਦੰਡ ਦੇਣ ਦੇ ਪੂਰੇ ਅਖਤਿਆਰ ਦਿੱਤੇ ਗਏ. ਇਹ ਮਹਾਰਾਜਾ ਸਾਹਿਬ ਬਹੁਤ ਚਤੁਰ, ਨੀਤਿਵੇੱਤਾ ਅਤੇ ਯੋਗ੍ਯ ਪ੍ਰਬੰਧਕ ਸਨ. ਸ਼ੋਕ ਹੈ ਕਿ ਉਮਰ ਵਿੱਚ ਬਰਕਤ ਨਾ ਹੋਈ. ੨੨ ਦਿਸੰਬਰ ਸਨ ੧੯੧੮ ਨੂੰ ਅਕਾਲਮ੍ਰਿਤ੍ਯੁ ਹੋਣ ਤੇ ਸਾਰੇ ਪੰਜਾਬ ਵਿੱਚ ਮਹਾਨ ਸ਼ੋਕ ਹੋਇਆ. ਰਿਆਸਤ ਫਰੀਦਕੋਟ ਦੀ ਵੰਸ਼ਾਵਲੀ ਇਹ ਹੈ:-:#ਬਰਾੜ#।#ਦੁੱਲ#।#ਰਤਨਪਾਲ#।#ਸੰਘਰ#।#।

Community report

Report an entry

You’re reporting ਫਰੀਦਕੋਟ. Its headword, entry ID and page URL will be included automatically.

Fields marked with an asterisk are required.

0/4,000

Use at least 10 characters and explain what you expected to see.

0/4,000

Add the corrected wording if you know it.

Human verification

Loading human verification…

Reports are filed in the project’s GitHub issue tracker. Don’t include private or sensitive information.

Mahan Kosh

Mahan Kosh is a self-funded project making this encyclopaedia of Punjabi language, history and culture easier to explore online.

With thanks to the creator of sikhi.io, a collaborator who helped provide the dataset for this digital edition.

Help improve Mahan Kosh with corrections, ideas or code. For an entry correction, use “Report an issue” on the entry page. Share other feedback or contribute through GitHub.

Contribute on GitHub

Alpha — this digital edition is still being reviewed and may contain errors.

© 2026 Mahan Kosh. All rights reserved.